'ਬੁੱਕਲ ਦੇ ਸੱਪ' ਯਾਰ ਜਦੋਂ ਬਣ ਜਾਂਦੇ ਨੇ;
ਕਹਿਰਾਂ ਨਾਲੋਂ ਕਹਿਰੀ ,ਕਹਿਰ ਕਮਾਂਦੇ ਨੇ।
-0-
ਵਣਜ-ਵਿਹਾਰ ਦਾ ਛਿੱਕੂ ਸੱਖਣਾ ਹੋਇਆਂ ਬਈ;
ਦਿਲ ਵੱਟੇ ਹੁਣ ਕੱਚ ਵੀ ਨਹੀਂ ਪਾਂਦੇ ਨੇ ।
-0-
ਨਿੱਤ ਗਲੇਡੂ ਕੇਰੀ ਜਾਹ ਕਿਸੇ ਤੱਕਣਾ ਨਹੀਂ;
ਰੋਂਦੇ ਨੂੰ ਤਾਂ ਹੋਰ ਵੀ ਲੋਕ ਰੁਆਂਦੇ ਨੇ।
-0-
ਬੁੱਕਲ ਦੇ ਵਿੱਚ ਮੂੰਹ ਲੈ ਲੈ ਕੇ ਰੋਈ ਜਾ;
ਲੋਚੀਂ ਨਾ ਕਿ ਸੱਜਣ ਮੋਢੀਂ ਲਾਂਦੇ ਨੇ।
-0-
'ਰਾਂਗਲੇ ਸੁਫਨੇ' ਹੱਥ ਪੀਲੇ ਕਰ ਦੂਰ ਗਏ ;
ਹੁਣ ਆਹ ਮੇਰੇ ਦੀਦੜੇ ਖਾਲੀ ਭਾਂਡੇ ਨੇ।
-0-
ਰਸਭਰਿਆ ਤੇ ਪੋਨਾ ਕਿਤੇ ਕਮਾਦ ਨਹੀਂ;
ਹੁਣ ਤਾਂ ਚਾਰ-ਚੁਫੇਰੇ ਸੁੱਕੇ ਟਾਂਡੇ ਨੇ।
-0-
ਵੇਖ ਵਗੀ ਵਾਅ ਕੇਹੀ ਚੰਦਰੀ ਚਾਂਭਲੀ ਏਹ;
ਕਿਧਰੇ ਅੱਜਕਲ ਕੁੜ-ਕੁੜ ਕਿਧਰੇ ਆਂਡੇ ਨੇ।
-0-
ਤਾੜੀ ਮਾਰਦੇ ਹੱਸਦੇ ,ਕਿਸੇ ਦੇ ਡਿੱਗੇ ਤੋਂ;
ਸੱਟ ਕਿਤੇ ਨਹੀਂ ਲੱਗੀ?:ਹੁਣ ਕਦ ਆਂਹਦੇ ਨੇ
-0-
ਦੀਪ ਜ਼ੀਰਵੀ
No comments:
Post a Comment