ਇੱਕ ਦੂਜੇ ਦੇ ਆਹਮੋਂ ਸਾਹਵੇਂ ਹੁੰਦੇ ਅਕਸਰ ਮੈਂ ਤੇ ਮੈਂ ;
ਕਦੀਂ ਕਦਾਈਂ ਓਹ ਤੇ ਓਹ ਵੀ ਆਹਮੋਂ ਸਾਹਵੇਂ ਹੋ ਜਾਂਦੇ .
ਕੋਲੇ ਕੋਲੇ ਹੁੰਦੇ ਚਾਹੇ ਕੋਹਾਂ ਦੀ ਵਿਥ ਤੇ ਹੁੰਦੇ ,
ਇੱਕ ਮਿੱਕ ਹੁੰਦੇ ਇੱਕ ਮਿੱਕ ਰਹਿੰਦੇ ਕਦੀ ਨਹੀਂ ਹੋ ਦੋ ਪਾਂਦੇ.
ਓੜਕ ਆਖਿਰ,ਆਖਿਰ ਓੜਕ ;ਇਸ਼ਕ ਖੁਦਾ ਸੀ ,ਇਸ਼ਕ ਖੁਦਾ ਹੈ ;
ਓਹੀ ਪਾਂਧੀ ਵਾਟ ਮੁਕਾਵਣ;ਇਸ਼ਕ ਦੀ ਰਾਹੇ ਜੋ ਜਾਂਦੇ .
ਉੱਡਦੇ ਵੇਖੇ ਮੈਂ ਪਰਖਚੇ ਫੁਕਰੇ ਨੁਕਰੇ ਮਜਨੂਆਂ ਦੇ ;
ਸੁੱਚੇ ਆਸ਼ਿਕ ਪਾਉਣ ਨਾ ਰੌਲਾ ;ਓਹ ਤੇ ਚੁੱਪ ਹੀ ਹੋ ਜਾਂਦੇ .
ਮੈਂ ਤੇ ਓਹ ਦੋ ਕਦੇ ਨਹੀਂ ਸੀ ,ਨਾ ਹਾਂ ,ਨਾ ਕਦੀ ਹੋਣਾ ਹੈ ;
ਸਾਹਵਾਂ ਵਿੱਚ ਰਲ ਓਹ ਆਓਂਦੇ ਨੇ, ਸਾਹਵਾਂ ਸੰਗ ਨੇ ਓਹ ਜਾਂਦੇ .
ਰਗ ਰਗ ਦੇ ਵਿੱਚ ਲਹੂ ਨਹੀਂ ਹੈ ਇਸ਼ਕ ਹੀ ਫੇਰੇ ਲਾਉਂਦਾ ਹੈ ;
ਇਸ਼ਕ ਵਿਛਾਉਣਾ,ਓੜਨ ਪਹਿਰਨ,ਇਸ਼ਕ ਦੇ ਡੇਰੇ ਜੋ ਜਾਂਦੇ
ਇਸ਼ਕ ਹੜੇ, ਨਾ ਸੜੇ ਇਸ਼ਕ ;ਹਾਂ, ਦੇਹਾਂ ਮਿੱਟੀ ਹੋ ਜਾਵਣ ;
ਓਹ ਮਰ ਕੇ ਵੀ ਮੁੱਕਦੇ ਨਹੀਓ ,ਇਸ਼ਕ ਜਮਾਤਾਂ ਜੋ ਲਾਂਦੇ .
ਦੀਪ ਜ਼ੀਰਵੀ
http://www.facebook.com/deep.zirvi.5
No comments:
Post a Comment