JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Wednesday, 25 January 2012

ਉਹ ਜੋ ਇਸ਼ਕ਼ ਦਾ ਆਸ਼ਿਕ਼ ਹੈ ਖੁਦ ਇਸ਼ਕ਼ ਹੈ ਜੋ...





ਮਿਰਗ ਕਥੂਰੀ ਵਾਂਗਰ ਵਣ  ਵਣ ਭੌਂਦੇ ਨੂੰ ,
ਉਮਰਾਂ ਹੋਈਆਂ ਇੱਕ ਛਿਨ ਵਾਂਗਰ ਲੱਗਦਾ ਏ ;
ਕਿਸੇ ਬਨਾਰਸੀ ਠੱਗ ਜਿਹਾ ਇਹ ਦਿਲ ਚੰਦਰਾ ,
ਤੇਰਾ ਹੋਇਆਂ ਮੈਨੂੰ ਹੀ ਪਿਆ ਠੱਗਦਾ ਏ .

ਗੇਰੂਏ ਲੀੜੇ ਗਲ ਵਿੱਚ ਨਾਲੇ ਕੰਨ ਪਾਟੇ,
ਅਲਖ ਨਿਰੰਜਨ ਦਰ ਦਰ ਅਲਖ ਜਗਾਵੇ ਜੋ ;
ਸੁੰਦਰਾਂ ਦੇ ਵੱਲ ਕੰਡ ਕਰ ਤੁਰਿਆ ਜੋ ਜੋਗੀ ,
ਆਪਣੇ ਮਨ ਦੀ ਜੋਗਣ ਜੋਗਾ ਲੱਗਦਾ ਏ .

ਸੂਖਮ ਭਾਵਨਾ ਸੂਖਮ ਭਾਵੀ ਜਾਣ ਸਕੇ ,
'ਸੁੱਕੇ ਦੀਦਿਆਂ ਦੇ ਅਥਰ ' ਪਹਚਾਨ ਸਕੇ ;
ਅੰਨੇ ਬੋਲੇ ਅੱਗੇ ਦੀਦੇ ਗਾਲ ਲਵੋ ,
ਰੋਵੋ ਰੱਜ ਰੱਜ ਐਪਰ ਕਿਹੜੇ ਹੱਜ ਦਾ ਏ .

ਦੇਹੀ ਸਾਜ਼ ਤੇ ਦੇਹੀ ਨਾਦ ਨੂੰ ਪਿਆਰ  ਕਹੋ,
ਮਤਲਬ ਮਾਰਿਓ ਕੁਝ ਤਾਂ ਉਸ ਦਾ ਖੌਫ਼ ਕਰੋ ;
ਉਹ ਜੋ ਇਸ਼ਕ਼ ਦਾ ਆਸ਼ਿਕ਼ ਹੈ ਖੁਦ ਇਸ਼ਕ਼ ਹੈ ਜੋ ,
 ਉਹ ਜੋ ਸਭ ਦੇ ਲੂੰ ਲੂੰ ਅੰਦਰ ਵੱਸਦਾ ਏ .

ਮੰਗ ਸਿੰਧੂਰੀ ਜਿਸ ਕੀਤੀ ਦੇਹ ਓਸੇ ਦੀ ,
ਦਿਲ  ਚੰਦਰਾ ਜੋ ਰਾਂਝੇ ਦਾ ਸੀ, ਹੈ,ਰਹਿ ਸੀ ;
ਹੀਰ ਕੁਪੇਚੇ ਵਲੀ ਖੜੀ ਸੋਚੇ ਸਾਹ-ਸਾਹ ,
 ਕਿਧਰ ਜਾਵੇ ਇਸਦਾ ਪਤਾ ਨਾ ਲੱਗਦਾ ਏ .


ਅੱਥਰੇ ਬਾਲ-ਨਿਆਣੇ ਵਰਗੇ ਜ਼ਿੱਦੀ ਨੇ ,
ਤਨ ਵੀ, ਮਨ ਵੀ, ਭਾਵਨਾ ਵੀ ਤੇ ਉਲਫਤ ਵੀ ;
ਅੱਗੋਂ ਸੂਹਾ ਕੋਲਾ ਏ ਕਿ ਲਾਲ ਕੋਈ ,
ਭੋਲੇ ਬਾਲਾਂ ਨੂੰ ਤੇ  ਪਤਾ ਨਾ ਲੱਗਦਾ ਏ .

ਵਿੱਚ ਕਿਤਾਬਾਂ ਜਾਂ ਫਿਰ ਖਵਾਬਾਂ ਤੱਕੇ ਨੇ ,
ਉਲਫਤ ਵਾਲੇ ਕਿੱਸੇ ਮਿੱਠੇ ਮਿੱਠੇ ਜੋ ;
ਪੂਰੀ ਦੇਹੀ ਸੂਤ ਸੂਤ ਕਰ ਬਲਦੀ ਏ ,
ਅਗਨੀਂ ਦਾ ਪਰ ਨਾ ਸਰਨਾਵਾਂ ਲਭਦਾ ਏ .

ਦੀਪ ਜ਼ੀਰਵੀ 
9815524600








No comments: