ਕੀ ਆਹ ਪੰਜਾਬੀ ਦੋਸਤੋ!
-ਦੀਪ ਜੀਰਵੀ-
ਦੋ ਸ਼ਬਦ
ਕਿੱਤੇ ਵਜੋਂ ਅਧਿਆਪਨ ਦਾ ਕਾਰਜ ਕਰਨ ਵਾਲਾ 'ਦੀਪ ਜੀਰਵੀ' ਦਿਲੋਂ ਕਵੀ ਹੈ ਅਤੇ ਵਾਰਤਕ ਲਿਖਾਰੀ ਵੀ। ਉਹ ਪੰਜਾਬੀ ਪਾਠਕਾਂ ਦੀ ਕਚਹਿਰੀ ਆਪਣੀਆਂ ਦੋ ਪੁਸਤਕਾਂ: (1) ਸ਼ਬਦਾਂ ਦੀ ਲੋਅ (ਕਵਿਤਾ/ਗ਼ਜ਼ਲ) ਅਤੇ (2) ਚਤੁਰਭੁੱਜ ਦਾ ਪੰਜਵਾਂ ਕੋਨ (ਵਾਰਤਕ) ਦੇ ਕੇ ਹਾਜ਼ਰੀ ਲੁਆ ਚੁੱਕਿਆ ਹੈ। ਕਵਿਤਾ ਕਹਿੰਦਆਂ ਉਹ ਹਰਫਾਂ ਨੂੰ ਹਕੀਕਤ ਦੇ ਨੇੜੇ ਕਰਦਿਆਂ ਨਾ ਕੇਵਲ ਅਹਿਸਾਸ ਦੇ ਦਰ ਹੀ ਖੜਕਾਉਂਦਾ ਹੈ ਸਗੋਂ ਸੋਚ ਨੂੰ ਵੀ ਟੁੰਬਦਾ ਹੈ। 'ਲਿਖਾਰੀ' ਦੀਪ ਜੀਰਵੀ ਦੀਆਂ ਕੁਝ ਕਵਿਤਾਵਾਂ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭਵ ਕਰ ਰਿਹਾ ਹੈ। ਆਸ ਹੈ ਪਾਠਕ ਪਸੰਦ ਕਰਨਗੇ।---ਲਿਖਾਰੀ
***
(1)
ਕੀ ਆਹ ਪੰਜਾਬੀ ਦੋਸਤੋ,
ਓਹੀਓ ਪੰਜਾਬੀ ਨੇ
ਓਹ ਸੀ ਹਕੀਕਤ ਦੋਸਤੋ ,
ਇਹ ਨਿਰੇ ਕਿਤਾਬੀ ਨੇ।
ਓਹ ਮੋਕਲੇ ਸੀ ਕਰ-ਪੈਰ ਦੇ,
ਤੇ ਜਿਗਰੇ ਵਾਲੇ ਸੀ,
ਲੱਕ ਧੁਹਵੇਂ ਚਾਦਰੇ ,
ਸੋਂਹਦੇ ਸਿਰੀਂ ਸ਼ਮਲੇ ਬਾਹਲੇ ਸੀ।
ਸੱਕ-ਰੰਗੀਆਂ ਬੁੱਲੀਆਂ ਵਾਲੀਆਂ,
ਮੋਹਕ ਮੁਟਿਆਰਾਂ ਸੀ
ਹੱਥੀਂ ਕੱਤਦੀਆਂ,ਉਣਦੀਆਂ,ਸੀਂਦੀਆਂ
ਏਥੋਂ ਦੀਆਂ ਨਾਰਾਂ ਸੀ।
ਉੱਠ ਤੜ੍ਹਕੇ ਚੱਕੀ ਝੋਂਦੀਆਂ,
ਤੇ ਧਾਰਾਂ ਕੱਢਦੀਆਂ ਸੀ।
ਆਪਣੇ ਨਰ ਦੇ ਸੰਗ ਖੇਤਰੀਂ
ਜਾ ਵਾਢੀ ਵੱਢਦੀਆਂ ਸੀ।
ਗੀਟੇ ਤੇ ਖਿੱਦੋ ਖੇਡਦੇ
ਏਥੇ ਬਾਲ-ਨਿਆਣੇ ਸੀ
ਰਾਤੀਂ ਬਾਤਾਂ ਪਾ ਸਵਾਲਦੇ
ਓਹਨਾ ਨੂੰ ਸਿਆਣੇ ਸੀ
ਖੁਹ ਮਿਠੜੇ ਪਾਣੀ ਦੇਂਵਦੇ,
ਪਾਣੀ ਵੀ ਆਪਣੇ ਸੀ
ਓਹ ਤੂਤ ਦੇ ਮੋਛੇ ਦੇ ਜਿਹੇ
ਹਾਣੀ ਵੀ ਆਪਣੇ ਸੀ
ਓਹ ਦੁੱਲੇ ਮਿਰਜ਼ੇ ਜਿਓਣੇ,
ਅੱਧਾ ਸੱਚ ਹੰਡਾਂਓਦੇ ਜੋ
ਓਹ ਰਾਂਝੇ ਪੁੰਨੂ ਇਸ਼ਕ ਦੀ
ਹਰ ਲੱਜ ਨਿਭਾਓਂਦੇ ਜੋ
ਓਹ ਹੜਦੀਆਂ ਸੜਦੀਆਂ ਦੇ ਬਿਨਾਂ
ਪੰਜਾਬ ਅਧੂਰਾ ਜੇ
ਓਹ ਖਾ ਖਾ ਮਹੁਰਾ ਮਰਦੀਆਂ ਬਿਨ
ਖਾਬ ਅਧੂਰਾ ਜੇ।
ਇਕ ਪੱਲੇ ਨੂੰ ਇਸ ਦੇ ਕਦੇ
ਬੇਗੈਰਤਾ ਹੱਥ ਪਾਇਆ।
ਉਹ ਅਣਖੀ ਅੱਜ ਦਿਸਦੇ ਨਹੀ ਨਹੀ
ਜਿਨ ਉਹਦਾ ਮੁਲ ਪਾਇਆ।
ਛਾਂ ਸੀ, ਗਾਂ ਸੀ, ਮਾਂ ਸੀ, ਕਦੇ
ਇਸ ਦੇ ਹਰ ਵਿਹੜੇ ਵਿਚੱ।
ਤਦ ਸੁੱਖ ਆਰਾਮ ਦਾ ਨਾਂ ਸੀ
ਇਸ ਦੇ ਹਰ ਵਿਹੜੇ ਵਿਚੱ।
ਕੱਚੇ ਢਾਰੇ ਅੰਦਰ ਵੀ
ਘਰ ਪੱਕਾ ਹੁੰਦਾ ਸੀ
ਅਨਪੜ੍ਹ ਬੇਸ਼ੱਕ ਹੋਵੇ
ਪਰ ਪੱਕਾ ਹੁੰਦਾ ਸੀ ।
ਖੁੱਲੇ ਖੁੱਲੇ ਵਿਹੜੇ ਤੇ
ਖੁੱਲੇ ਮਨ ਹੁੰਦੇ ਸੀ,
ਖੁੱਲੇ ਹੀ ਸਨ ਖਾਣੇ,
ਓਹ ਸਾਦੇ ਪਰ ਹੁੰਦੇ ਸੀ
ਮਹਾਂ ਮਾਰੀਆਂ ਦਾ ਡਰ ਵੀ
ਉਦੋ ਤਾਂ ਹੁੰਦਾ ਸੀ ,
ਜੋ ਜਿੰਨੀ ਜਿਓਂਦਾ ਸੀ
ਆਪਣੀ ਹੀ ਜਿਓਂਦਾ ਸੀ
ਇੱਕ ਥਾਨ ਦੇ ਵਿੱਚੋਂ ਹੀ
ਸਭ ਝੱਗੇ ਸਵਾ ਲੈਂਦੇ
ਲੱਥੇ ਇਕ ਦੂਜੇ ਦੇ
ਪਾ ਜੂਨ ਹੰਡਾ ਲੈਂਦੇ
ਲੀੜੇ ਹੀ ਨਹੀ ਉਦੋ
ਸੁੱਖ ਦੁੱਖ ਵੀ ਸਾਂਝੇ ਸੀ
ਵੱਡੇ ਸਭ ਟੱਬਰਾਂ ਦੇ
ਚੁੱਲੇ ਵੀ ਸਾਂਝੇ ਸੀ
ਧੀ ਇੱਕ ਦੀ ਨਹੀ ਕਹਿੰਦੇ
ਸਭ ਪਿੰਡ ਦੀ ਹੁੰਦੀ ਸੀ
ਹੁੰਦੀ ਮੱਕਾਰੀ ਸੀ
ਏਨੀ ਨਹੀ ਹੁੰਦੀ ਸੀ
ਮੇਰੇ ਬਚਪਣ ਦੇ ਦਿਨ ਸੀ
ਪੰਜਾਬ ਇਹ ਖੁਦ ਤੱਕਿਆ
ਮੈ ਹੁਣ ਵੀ ਹਰ ਇੱਕ ਦਿਨ
ਬਸ ਖੁਆਬ ਇਹ ਖੁਦ ਤੱਕਿਆ
ਹੁਣ ਮੁਲਕ ਨੂੰ ਵੇਖਾਂ ਮੈ
ਰੋਣਾ ਤਾਂ ਆਉਂਦਾ ਹੈ
ਹੁਣ ਮੇਰੇ ਮੁਲਕ ਦੀਆਂ
ਰੰਗਤਾਂ ਹੀ ਹੋਰ ਹੋਈਆਂ
ਹੁਣ ਸਰਕਾਰਾਂ ਜੀਕਣ
ਲੋਕਾਂ ਦੀ ਚੋਰ ਹੋਈਆਂ
ਹੁਣ ਵੀ 'ਰਣਜੀਤ'ਦੇ ਰਾਜ ਦਾ
ਸੁਫਨਾ ਵਿਖਾ ਜਾਂਦੇ
ਓਹਦੇ ਵਰਗੇ ਬਨਣਾ ਕਹਿ
ਭਰਮ ਭਵਾ ਜਾਂਦੇ
ਹੁਣ ਪਾਣੀ ਵੀ ਆਪਣੇ
ਆਪਣੇ ਨਾ ਰਹਿ ਗਏ ਨੇ
ਹੁਣ ਪਾਣੀਆਂ ਦੇ ਉੱਤੇ
ਵੀ ਜਾਲ ਜਿਹੇ ਪੈ ਗਏ ਨੇ
ਹੁਣ ਹੱਟ-ਬਜਾਰੀਂ ਵੀ
ਜੰਜਾਲ ਵਿਕੇਂਦੇ ਨੇ
ਹੁਣ ਚੋਰਾਂ ਦੇ ਸਾਜ਼ੀ
ਦੇ ਤਾਲ ਨਚੇਂਦੇ ਨੇ
ਹੁਣ ਪੀਜ਼ੇ-ਬਰਗਰ ਨੇ
ਗੜਬੜ ਜਿਹੀ ਕਰ'ਤੀ ਹੈ
ਹੁਣ ਲੋਕ ਦਿਖਾਵੇ ਨੇ
'ਪੰਜਾਬੋ' ਪੱਟ'ਤੀ ਹੈ
ਹੁਣ ਵਿੱਸਰੀ ਜਾਂਦੇ ਨੇ
ਇੱਕ ਧੀ ਨੂੰ ਧੀ ਮੰਨਣਾ
ਪੁੱਤਰ ਚਾਹਵਣ ਸਾਰੇ
ਨਾ ਚਾਹਵਣ ਧੀ ਜੰਮਣਾ
ਹੁਣ ਚਾਹਵਾਂ ਕਾਫੀਆਂ ਨੇ
ਸੂਤੇ ਨੇ ਸਾਹ ਦਿੱਸਦੇ
ਅੱਜ ਪਿਓ-ਦਾਦੇ ਵੇਖਣ
ਆਹ!ਬੀਜ ਪੲਿ ਭਿੱਟਦੇ
ਅੱਜ ਫੋਜ ਦੀ ਭਰਤੀ ਨੂੰ
ਗਭਰੇਟ ਨਹੀਂ ਲੱਭਦੇ
ਕਿਤੇ ਕੱਦ ਛੁਟੇਰੇ ਨੇ
ਕਿਤੇ ਪੇਟ ਨਹੀਂ ਮਿਲਦੇ
ਅੱਜ ਦਾਣੇ ਖੇਤਾਂ ਵਿੱਚ
ਪਏ ਢੇਰ ਉਗੇਂਦੇ ਨੇ
ਸਾਹ ਸਤ ਹੀਣੇ ਦਾਣੇ
ਪਰ ਨਾਸ ਕਰੇਂਦੇ ਨੇ
ਅੱਜ 'ਵੱਡੇ ਲਾਲੇ' ਨੇ
ਗਲ਼ ਫਾਹੀ ਹੈ ਪਾਈ
ਹਰ ਬਾ਼ਲ-ਬਲਾਂਵਾਂ ਵੀ
ਕੀਤਾ ਹੈ ਕਰਜ਼ਾਈ
(ਉਸ)ਹਰ ਹੁਕਮ ਅਸਾਡੇ ਲਈ
ਬੱਸ ਰਾਖਵਾਂ ਕੀਤਾ ਹੈ
ਲਾ ਡੀਕ ਅਸਾਡਾ ਹੀ
ਬੱਸ ਰੱਤ ਇਸ ਪੀਤਾ ਹੈ
ਸੰਘੀ ਸਾਡੀ ਬੇਸ਼ਕ
ਪਰ 'ਗੂਠਾ' ਓਹਦਾ ਏ
ਓਹਦੇ ਅੱਗੇ ਸਾਡਾ
ਬੱਸ ਠੂਠਾ ਸ਼ੁਹਦਾ ਏ
ਹਰ ਕਾਜ ਅਸਾਡੇ ਤੇ
ਉਹ ਡੇਲੇ ਕੱਢਦਾ ਹੈ
ਉੱਤੋਂ ਪਾਣੀ ਦੇਂਦਾ
ਥੱਲੋਂ ਜੜ੍ਹ ਵੱਢਦਾ ਹੈ
ਇਹ ਮਾੜੇ ਦਿਨ ਸਾਡੇ
ਵਿਹੜੇ ਵਿੱਚ ਕਿਓਂ ਆਏ
ਕਿਓਂ ਬਾਜਾਂ ਨੇ ਆ ਕੇ
ਸਭ ਬੋਟ ਹੀ ਧਮਕਾਏ
ਇਸਦਾ ਕਾਰਣ ਮੈਨੂੰ
ਤਾਂ ਏਹੀ ਲੱਗਦਾ ਹੈ
ਅਸੀਂ ਵਿਰਸਿਓਂ ਟੁੱਟ ਗਏ ਹਾਂ
ਤਾਹੀਓਂ ਜੱਗ ਠੱਗਦਾ ਹੈ
ਅਸੀਂ ਮੋਹ ਮਮਤਾ ਭੁੱਲੇ
ਤੇ ਪੈਸੇ ਤੇ ਡੁੱਲ੍ਹੇ
ਇਸ ਪੈਸੇ ਨੇ ਵੰਡੇ
ਸਾਡੇ ਸਾਂਝੇ ਚੁੱਲ੍ਹੇ
ਹੱਥੀਂ ਕੰਮ ਕਰਨੇ ਤੋਂ
ਸਾਨੂੰ ਝਕ ਆਓਂਦੀ ਹੈ
ਸਾਡੇ ਕੰਮ, ਹੋਰ ਕਰਨ
ਸਾਨੂੰ ਗੱਲ ਭਾਓਂਦੀ ਹੈ
ਆਹ! ਖੇਤ ਖਜਾਨੇ ਨੂੰ
ਸਾਡੇ ਸਭ ਚੋਰ ਪਏ
ਅਸੀ ਕੱਛਾਂ ਮਾਰਦੇ ਹਾਂ
ਅਸੀਂ ਹੋ ਕੰਮਚੋਰ ਗਏ
ਅਸੀ ਹੁਣ ਵੀ ਚੇਤ ਜਾਂਦੇ
ਜੇ ਆਪਾਂ ਸੌਂਦੇ ਨਾ
ਕਦੀ ਹੁੱਬ ਕੇ ਹੱਸਦੇ ਸਾਂ
ਹੁਣ ਹੁਬਕੀਂ ਰੋਂਦੇ ਨਾ।
***
(2)
ਏਥੇ ਤਾਂ ਬਾਂਸੀ-ਪੋਰ ਹੈ
ਸਿਰਜਣਾ ਦੇ ਪਲ ਮਿਲੇ ਨੇ, ਸਿਰਜਣਾ ਦੀ ਲੋਰ ਹੈ,
ਏਹ ਦੁਨੀਆਂ ਹੋਰ ਐਪਰ ਓਹ ਜਗਤ ਕੁਝ ਹੋਰ ਹੈ।
ਏਸ ਦੁਨੀਆਂ ਕੁਹਜ ਹੈੱ ਤਾਂ ਸੁਹਜ ਹੈ ਜੀ ਉਸ ਗਰਾਂ,
ਏਸ ਦੁਨੀਆਂ ਤਲਖੀਆਂ ਤੇ ਸਹਿਜ ਓਥੇ ਤੋਰ ਹੈ।
ਸ਼ੋਰ ਏਥੇ ਹਰ ਘੜੀ ਤਾਂ ਸੁਰ ਸਜੀਲੇ ਉਸ ਤਰਫ,
ਓਸ ਨਗਰੀਂ ਵੰਝਲੀ, ਏਥੇ ਤਾਂ ਬਾਂਸੀ-ਪੋਰ ਹੈ।
ਧੜਕਣਾ ਵਿੱਚ ਸੰਸਿਆਂ ਦੀ ਭੀੜ ਡਾਹਢੀ ਇਸ ਤਰਫ
ਉਸ ਨਗਰ ਵਿੱਚ ਪੈਲ ਪਾਂਉਂਦੇ, ਬਾਰ੍ਹੋਂ-ਮਾਸੀਂ ਮੋਰ ਹੈ।
ਇਸ ਨਗਰ ਤਾਂ ਜਾਤਾਂ ਪਾਤਾਂ ਊਚਨੀਚਾਂ ਢੇਰ ਨੇ,
ਓਸ ਨਗਰੀਂ ਸਭ ਦਿਲਾਂ ਵਿੱਚ ਬਸ ਮੁਹੱਬਤ ਹ਼ੋਰ ਹੈ।
***
(3)
ਸੋ ਸਲਾਮ
ਸਾਲੂਆਂ ਨੂੰ, ਬਿੰਦੀਆਂ ਨੂੰ, ਚੂੜੀਆਂ ਨੂੰ ਸੌ ਸਲਾਮ।
ਲਾਜ ਪੂਰਨ ਨੇਤਰਾਂ ਨੂੰ ਅਸਮਤਾਂ ਨੂੰ ਸੌ ਸਲਾਮ।
ਦੋ ਘਰਾਂ ਦੀ ਲਾਜ ਨੂੰ ਜਿਨ ਤਰੀਮਤਾਂ ਨੇ ਪਾਲਿਆ।
ਸਿਦਕਵਾਲਾ ਸੋਚਵਾਨਾਂ ਤਰੀਮਤਾਂ ਨੂੰ ਸੌ ਸਲਾਮ।
ਪਾਲਣੇ ਵਿਚ ਪਾਲ ਕੇ ਕੌਮਾਂ ਨੂੰ ਕਾਇਮ ਕਰਦੀਆਂ।
ਰੱਬੀ ਨੂਰੀ ਰਹਿਮਤਾ ਨੂੰ ਸਫਕਤਾਂ ਨੂੰ ਸੌ ਸਲਾਮ।
ਨੇਕ ਨੀਅਤ ਨਾਲ ਘਰ ਪਰੀਵਾਰ ਨੂੰ ਸਾਂਭਣ ਸਦਾ।
ਹਿੰਮਤਾਂ ਨੂੰ ਬਰਕਤਾਂ ਨੂੰ ਸੌ ਸਫਕਤਾਂ ਨੂੰ ਸੌ ਸਲਾਮ।
ਜੋ ਵਿਰਾਸਤ ਤੋਂ ਮਿਲੇ, ਉਹ ਨਵੀਆਂ ਨਸਲਾਂ ਨੂੰ ਪੁਚਾਣ।
ਰਾਖੀਆਂ ਨੂੰ, ਕਾਕੀਆਂ ਦੀ ਅਜਮਤਾਂ ਨੂੰ ਸੌ ਸਲਾਮ।
ਮਾਂ ਦੀ ਮਾਂ ਨੂੰ ਸੌ ਸਲਾਮਾਂ ਜਨਮਿਆਂ ਜਿਨੇ ਮੇਰੀ ਮਾਂ
ਮੋਹ - ਭਿੱਜੇ ਮਾਤ ਰੂਪੀ ਰਿਸਤਿਆਂ ਨੂੰ ਸੌ ਸਲਾਮ
(4)
ਸੱਚ ਕਹਿ ਨੀਲ ਪੁਆਵਾਂ ਮੈਂ
ਅੱਜ ਅਜੋਕੇ ਰਹਿਬਰਾਂ ਤਾਈਂ ਜੀ ਕਰਦੈ ਸਮਝਾਵਾਂ ਮੈਂ
ਗਲ ਬਿੱਲੀ ਦੇ ਟੱਲੀ ਜਾ ਕੇ , ਜੀ ਕਰਦੈ ਬੰਨ੍ਹ ਆਵਾਂ ਮੈਂ।
ਕਿੰਨਿਆਂ ਮੈਥੋਂ ਪਹਿਲਾਂ ਵੀ ਇਹ ਸੁਣਿਆਂ ਹੈ ਝਖ ਮਾਰੀ ਹੈ,
ਪਰ ਮੇਰਾ ਤਾਂ ਵੀ ਜੀ ਕਰਦੈ ਸੱਚ ਕਹਿ ਨੀਲ ਪੁਆਵਾਂ ਮੈਂ।
ਆਪਣੀ ਮਾਂ ਨੂੰ ਤਾਂ ਪੂੰਜੀ ਦੀ 'ਸੇਜ ' ਤੇ ਲੰਮਿਆਂ ਪਾਓ ਨਾ,
ਐ ਕੁ-ਪੁੱਤਰੋ ਹੋਸ਼ ਕਰੋ, ਇਹ ਕੋਠੇ ਚੜ੍ਹ ਕੁਰਲਾਵਾਂ ਮੈ।
ਲੋਕਲਾਜ ਬਿਨ ਲੋਕਰਾਜ ਨਾ ਚੱਲਿਆ ਨਾ ਚੱਲ ਸਕਣਾ ਹੈ,
ਕਿਹੜਾ ਸੁਨਣੇ ਵਾਲਾ ਏਥੇ, ਕਿਸ ਨੂੰ ਇਹ ਸਮਝਾਵਾਂ ਮੈਂ।
ਭੋਰਭੋਰ ਕੇ ਭੋਰਭੋਰ ਕੇ ਜਿਸਨੂੰ ਖਾਧੀ ਜਾਂਦੇ ਹੋ,
ਓਹ ਥੌਡੇ ਪੈਰਾਂ ਦੀ ਧਰਤੀ, ਥੋਡੇ ਸਿਰ ਦੀਆਂ ਛਾਵਾਂ ਮੈਂ।
ਜਿਹੜੇ ਟਾਹਣੇ ਬੈਠੇ ਹੋ ਓਸੇ ਨੂੰ ਚੀਰੀ ਜਾਂਦੇ ਹੋ,
ਬੱਲੇ ਅਕਲਾਂ ਵਾਲਿਓ ਅੰਨ੍ਹਿਓਂ, ਥੋਡੇ ਸਦਕੇ ਜਾਵਾਂ ਮੈਂ
ਅੱਖੋਂ ਅੰਨ੍ਹੇ ਹੁੰਦੇ ਤਾਂ ਮੈ ਹੱਥ ਡੰਗੋਰੀ ਦੇ ਦੇਂਦਾ,
ਤੁਸੀਂ ਸੁਆਰਥ ਹੱਥੋਂ ਅੰਨ੍ਹੇ, ਕਿਹੜਾ "ਦੀਪ" ਜਗਾਵਾਂ ਮੈਂ।
ਰਾਅ-ਤੋਤੇ ਮੱਲ ਕੁਰਸੀਆਂ ਬੈਠੇ, "ਡਾਲਰ-ਬੋਲੀ" ਬੋਲਦੇ ਨੇ,
ਰੋਲ ਰੁਪਈਆ ਪੈਰੀਂ ਦਿੱਤਾ ਹਾਲ ਦੁਹਾਈਆਂ ਪਾਵਾਂ ਮੈਂ।
ਸਰਕਾਰੀ(?)ਅਮਰੀਕਾ ਛੱਡਿਆ, ਨਵੀਆਂ (?) ਕਰਦਾ ਫਿਰਦਾ ਹੈ,
ਏਸ ਦੇ ਨਾਸੀਂ ਮੈਂ ਨੱਥ ਪਾਵਾਂ,ਪਾਂਵਾਂ ਤਾਂ ਕਿੰਜ ਪਾਵਾਂ ਮੈਂ।
ਮੇਰੇ ਧੀਆਂ-ਪੁੱਤਰਾਂ ਨੂੰ ਤਾਂ ਮਸਾਂ ਹੀ ਪੌਲੀ ਲੱਭਦੀ ਹੈ,
ਬਾਕੀ ਮਾਇਆ ਦਾ ਕੀ ਹੁੰਦੈ, ਜੋ ਹੁੰਦੈ ਮਰ ਜਾਵਾਂ ਮੈ।
ਐ ਲੋਕੋ! ਮੇਰੇਦੁੱਖ ਤਾਈਂ ਰਤਾ ਤੁਸੀਂ ਮਹਿਸੂਸ ਕਰੋ,
ਮੈਂ ਭਾਰਤ ਹਾਂ ਡੋਲਦਾ ਫਿਰਦਾ,ਮੈਂ ਭਾਰਤ ਬਿਨ ਛਾਵਾਂ ਮੈਂ।
***
(5)
ਯੁੱਗੜੇ ਹੋਏ ਰੁਲਦਿਆਂ, ਮੈਨੂੰ ਠਾਹਰ ਮਿਲਦੀ ਨਾਂਹੀ।
ਠਾਹਰ ਟੋਲਦਾਂ ਅੱਖਰਾਂ ਕੋਲੋਂ, ਕਾਨੀ ਚੱਲਦੀ ਤਾਂ ਹੀ।
ਅੱਖਰ ਅੱਖਰ ਚਿਣ ਕੇ ਆਪਣਾ ਆਪਾ, ਆਪ ਲਕੋਵਾਂ।
ਅੱਖਰ ਅੱਖਰ ਅੱਖਰਣ ਲੱਗਦੇ ਚੇਤੇ ਆਉਂਦੀ ਮਾਂ ਹੀ।
ਅੱਖਰ ਸੱਜੇ, ਅੱਖਰ ਖੱਬੇ, ਅੱਖਰ ਉੱਥੇ ਥੱਲੇ,
ਅੱਖਰ ਕੱਜਣ, ਅੱਖਰ ਖੱਫ਼ਣ, ਅੱਖਰ ਧੁੱਪ ਵੀ ਛਾਂ ਵੀ।
ਅੱਖਰ ਰੋਸੇ, ਅੱਖਰ ਖੇੜੇ, ਅੱਖਰ ਸੁੰਞ ਤੇ ਮੇਲੇ।
ਅੱਥਰ ਅੱਖਰ, ਹੌਕੇ ਅੱਖਰ, ਅੱਖਰ ਬੁਲਬੁਲ ਕਾਂ ਵੀ।
ਅੱਖਰ ਢੋਲ-ਢਮਾਕੇ ਅੱਖਰ, ਅੱਖਰ ਨਾਚ-ਧਮਾਲਾਂ
ਬਿਰਹਾ, ਸ਼ਿਵ, ਅੰਮ੍ਰਿਤ ਤੇ ਸਾਹਿਰ ਅੱਖਰ ਹੀ ਚੁੱਪ ਚਾਂ ਵੀ।
ਨ੍ਹੇਰ ਦੇ ਬੂਥੇ ਥੱਪੜ ਅੱਖਰ, ਅੱਖਰ ਹੈਨ ਮਸ਼ਾਲਾਂ।
ਅੱਖਰ ਦੀਵੇ, ਅੱਖਰ ਜੋਤੀ, 'ਦੀਪ' ਅੱਖਰ ਦੇ ਨਾਂ ਜੀ।
6.
ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ।
ਇਹਨਾਂ ਦੇ ਅਸਾਨੂੰ ਸਹਾਰੇ ਬੜੇ ਨੇ।
ਟੁੱਟਿਐ ਸਿਤਾਰਾ ਮੇਰੇ ਦਿਲ ਦਾ ਲੇਕਿਨ,
ਅਕਾਸ਼ੀਂ ਮੈਂ ਤੱਕਦਾਂ ਸਿਤਾਰੇ ਬੜੇ ਨੇ।
ਤੇਰੀ ਮਸਤ ਅੱਖ, ਹੈ ਨਹੀਂ ਕੋਲ ਮੇਰੇ,
ਤੇਰੀ ਯਾਦ ਦੇ ਪਰ ਨਜ਼ਾਰੇ ਬੜੇ ਨੇ।
ਤੇਰੇ ਗਮ ਅਸਾਨੂੰ ਬੜੇ ਰਾਸ ਆਏ,
ਊਂ ਤਾਂ ਚੁਫੇਰੇ ਕਿਨਾਰੇ ਬੜੇ ਨੇ।
ਮੇਰੇ ਤੰਗ ਦਸਤੀ ਦੀ ਏਹੀ ਜੇ ਦੌਲਤ,
ਅਕਾਸ਼ੀਂ ਗਮਾਂ ਦੇ ਸਿਤਾਰੇ ਬੜੇ ਨੇ।
ਨਾ ਸ਼ਿਕਵਾ ਕੋਈ ਨਾ ਕੋਈ ਸ਼ਿਕਾਇਤ,
ਮੈਂ ਚਾਨਣ ਦੀ ਖਾਤਰ ਸ਼ਰਾਰੇ ਫੜੇ ਨੇ।
ਤੇਰੇ ਸੌਣ ਕਮਰੇ 'ਚ ਤੱਕ ਕੇ ਤਾਂ ਵੇਖੀਂ,
ਦੋ ਅੱਥਰੂ ਕਦੋਂ ਦੇ ਕੁਆਰੇ ਖੜ੍ਹੇ ਨੇ।
****
ਦੀਪ ਜੀਰਵੀ
9/142 ਜੀਰਾ, ਪਿਨ-142047
+919815524600
No comments:
Post a Comment