ਬਾਹਰ ਬਰਸੇ ਕਿਣਮਿਣ ਕਿਣਮਿਣ,ਅੰਦਰ ਦੀਪਕ ਰਾਗ;
ਜਾਗਣ ਨੇਤਰ ਦਿਨੇ-ਰਾਤ ਹੀ,ਇਸ਼ਕ ਅਵੱਲੀ ਲਾਗ।æ
ਕੋਇਲ -ਢੋਡਰ ਇੱਕ ਹੋ ਜਾਵਣ,ਨਾ-ਮੁਮਕਿਨ ਇਹ ਸੋਚ;
ਟੋਏ-ਟਿੱਬੇ ਸਮ ਕਰ ਦੇਣੇ,ਛੇੜਣ ਲੀਡਰ ਰਾਗ।
ਭਾਰੂ ਦਿਸੇ ਨੰਗੇਜ਼ ਜਗਤ ਵਿੱਚ;ਅਧੁਨਿਕਤਾ ਦੇ ਨਾਮ;
ਜਾਂਗਲੀ ,ਆਦਿ - ਮਾਨਵ ਦੀ ਰੂਹ ,ਕਰਦੀ ਦਿਸੇ ਪੁਕਾਰ।
ਗ਼ਜ਼ਲੋਂ ਗਜਰੇਲਾ ਕਰ ਬਹਿੰਦੇ,ਕਈ ਅਮਾਤੜ੍ਹ ਲੋਕ;
ਕੁਝ ,ਡਾਲਰ ਦੇ ਗੁਣ ਗਾਯਣ ਨੂੰ ਸਮਝਣ ਭੈਰਵ ਰਾਗ।
ਗਹਿਣੇ ਧਰ ਕੇ ਸੋਚ ਨੂੰ ਜਿਹੜੇ ,ਤਨ ਦਾ ਕਰਣ ਸ਼ਿੰਗਾਰ;
ਮਨ ਦੇ ਕੰਗਲੇ ਧਨ-ਪਤੀਆਂ ਨੂੰ ,ਸਮਝੋ ਮਾਇਆ-ਨਾਗ।
ਇਸ਼ਤਿਹਾਰ ਕੰਧਾੜੇ ਚੜ੍ਹ ਜੋ ,ਉਤਰੇ ਭਵਜਲ ਪਾਰ;
ਉਹ ਅਦੀਬ,ਅਦਬ-ਅਦਬੀਅਤ ਦਾ,ਬਣੇ ਮੁਕੱਦਰ-ਭਾਗ।
ਸਾਗਰ ਵੱਲ ਹੋ ਤੁਰਦੀ ਡਾਚੀ ਛੱਡ ਮਾਰੂ ਦਾ ਦੇਸ;
ਜੰਗਲ ਨਾਲੋਂ ਵੱਧ ਨੇ ਅੱਜਕਲ,ਬੁੱਕਲ ਦੇ ਵਿੱਚ ਨਾਗ।
ਜੱਟ ਅਤੇ ਸਰਦਾਰ-ਬਹਾਦੁਰ,ਦੋ ਧਿਰ ਤੇ ਦੋਰੂਪ;
ਜੱਟ ਤਾਂ ਕਿਰਤੀ-ਕਾਮਾ ਸਿਰੜ੍ਹੀ,ਲੋਟੂ-ਧਿਰ ਸੀ ਰਾਠ।
ਓਸ ਤਖਤ ਦੇ ਉਤੇ ਅੱਜਕਲ ,ਲੱਗੇ ਅਜਗਰ ਸੌਣ;
ਜਿਸ ਤੋਂ ਸੰਘਰਸ਼ਾਂ ਦੇ ਸਿੱਟੇ,ਅਸੀਂ ਭਜਾਏ ਨਾਗ।
ਮੁਖੜੇ ਉਤੇ ਕਈ ਮੋਖੌਟੇ ,ਚਾੜ੍ਹੀ ਫਿਰਦੇ ਲੋਕ;
ਅਸਲੀਅਤ ਅਸਲੋਂ ਲੁਕਾਉਂਦੇ,ਸ਼ਾਤਰ,ਚਾਤਰ,ਘਾਗ।
ਅੰਦਰਵਾਰਲੀ ਹਲਚਲ ਉਤੇ,ਪਾਉਂਦਾ ਕੌਣ ਹੈ ਝਾਤ;
ਬਾਹਰਵਾਰਲੀ ਚਮਕ-ਦਮਕ ਦੇ ਹੀ ਸੁਣਦੇ ਸਭ ਰਾਗ।
ਦੀਪ ਜ਼ੀਰਵੀ
1 comment:
so niceeeeeeeeee
Post a Comment