
ਜਾਂ ਕਰੋ ਇਨਕਾਰ ਮੈਨੂੰ ਜਾਂ ਕਰੋ ਇਕਰਾਰ ਹੁਣ,
ਲਾਰਿਆਂ ਦੇ ਸਾਗਰਾਂ ਵਿੱਚ ਸੁਹਣਿਆਂ ਨਾ ਤਾਰ ਹੁਣ.
ਕੀ ਸੁਹੱਪਣ ਦਾ ਨਸ਼ਾ ਜੇ? ਜਾਂ ਕਿ ਦੌਲਤ ਦਾ ਫਿਤੂਰ,
ਏਸ ਖੰਦਕ ਓਸ ਖਾਈ ਨੂੰ ਕਰੋ ਜੀ ਪਾਰ ਹੁਣ.
ਬੇਲਿਆਂ ਵਿੱਚ ਰਾਂਝਣੇ ਦੀ ਵੰਝਲੀ ਦੀ ਹੂਕ ਸੀ,
ਵੇਲਿਆਂ ਦੇ ਪੰਖੂਆਂ ਦੀ ਉੱਡ ਗਈ ਹੈ ਡਾਰ ਹੁਣ.
ਅਮਰਤਾ ਨਾ ਹੈ ਯਕੀਨੀ ਹੁਸਨ ਦੀ ਫਿਰ ਕੀ ਗੁਮਾਨ,
ਇਸ਼ਕ ਦੀ ਉਮਰਾਂ ਯੁਗਾਂ ਹੈ,ਹੌਸਲਾ ਨਾ ਹਾਰ ਹੁਣ.
ਏਸ ਬੰਨੇ ਖੋਲ ਰੱਸਾ ਬੇੜੀਆਂ ਦਾ ਤੁਰ ਗਿਓਂ,
ਨਾਲ ਨਾ ਆਂਇਓਂ ਵੇ ਦੱਸ ਤਾਂ ਹੋਵਣਾ ਕਿੰਜ ਪਾਰ ਹੁਣ?
ਪਾਣੀਆਂ ਦੇ ਵਾਂਗ ਕੀਤੀ ਨਾਲ ਮੇਰੇ ਹਾਣੀਆਂ,
ਰਲ਼ ਗਏ ਜਦ "ਰੰਗ" ਬਦਲੇ ਫੇਰ ਮੇਰੇ ਯਾਰ ਹੁਣ.
ਰਾਤ ਡੂੰਘੀ,ਬਾਤ ਡੂੰਘੀ ਦੀਪ ਵੇ ਪਰ ਰਹਿਣ ਦੇ:
ਆਖਦੇ ਨੇ ਨਾਲ ਨਖਰੇ ਦੇ ਓਹ ਮੇਰੀ ਵਾਰ ਹੁਂਣ.
No comments:
Post a Comment